ਬੀਜੇਪੀ ਨੇ ਕੀਤਾ ਕੈਪਟਨ ਸਰਕਾਰ ਦਾ ਆਪ੍ਰੇਸ਼ਨ, ਸਰਕਾਰ ਫੇਲ੍ਹ ਕਰਾਰ
ਚੰਡੀਗੜ੍ਹ: ਅਕਾਲੀ ਦਲ ਤੋਂ ਬਾਅਦ ਭਾਈਵਾਲ ਪਾਰਟੀ ਬੀਜੇਪੀ ਵੀ ਕਾਂਗਰਸ ਸਰਕਾਰ ਖਿਲਾਫ ਸਰਗਰਮ ਹੋ ਗਈ ਹੈ। ਪਾਰਟੀ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਸਰਕਾਰ ਦਾ 8ਵਾਂ ਮਹੀਨਾ ਵੀ ਉਮੀਦ ਤੋੜਨ ਵਾਲਾ ਤੇ ਨਿਰਾਸ਼ਾਜਨਕ ਰਿਹਾ ਹੈ। ਭਾਰਤੀ ਜਨਤਾ ਪਾਰਟੀ ਨੇ ਅੱਜ ਪੰਜਾਬ ਸਰਕਾਰ ਦੇ 8ਵੇਂ ਮਹੀਨੇ ਦੀ ਕਾਰਗੁਜਾਰੀ ਰਿਪੋਰਟ ਪੇਸ਼ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਤਿੰਨ ਮਹਿਕਮੇ ਲੋਕਲ ਬਾਡੀਜ਼, ਸਿਹਤ ਤੇ ਸਿੱਖਿਆ ਵਿਭਾਗ ਅਜਿਹੇ ਹਨ, ਜਿਨ੍ਹਾਂ ਦੀ ਕਾਰਗੁਜਾਰੀ 8ਵੇਂ ਮਹੀਨੇ ਵਿੱਚ ਸਭ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਜਿਸ ਨੂੰ ਰੋਕਣ ਲਈ ਸ਼ਹਿਰਾਂ ਦੀ ਸਫਾਈ ਰੱਖਣਾ ਤੇ ਮੱਛਰਾਂ ਨੂੰ ਮਾਰਨ ਲਈ ਫੋਗਿੰਗ ਕਰਨਾ ਜਰੂਰੀ ਹੁੰਦਾ ਹੈ, ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਯਕੀਨੀ ਨਹੀਂ ਬਣਾ ਪਾਏ।
ਉਨ੍ਹਾਂ ਕਿਹਾ ਕਿ ਅੱਧਾ ਸੈਸ਼ਨ ਬੀਤ ਜਾਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਮਿਡਲ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਪੜ੍ਹ ਰਹੇ 8 ਲੱਖ ਵਿਦਿਆਰਥੀਆਂ ਨੂੰ ਸਕੂਲੀ ਵਰਦੀਆਂ ਨਹੀਂ ਮਿਲੀਆਂ। 18 ਲੱਖ ਸਕੂਲੀ ਵਿਦਿਆਰਥੀਆਂ ਨੂੰ ਪੌਸ਼ਟਿਕ ਭੋਜਨ ਦੇਣ ਵਾਲੀ ਮਿਡ-ਡੇ-ਮੀਲ ਸਕੀਮ ਤਕਰੀਬਨ ਬੰਦ ਹੋ ਚੁੱਕੀ ਹੈ। ਬੀਜੇਪੀ ਲੀਡਰਾਂ ਨੇ ਕਿਸਾਨ ਕਰਜ਼ੇ ‘ਤੇ ਕਿਹਾ ਕਿ ਪੂਰਾ ਕਰਜ਼ਾ ਮੁਆਫ ਦਾ ਚੋਣ ਵਾਅਦਾ ਨਾ ਪੂਰਾ ਕੀਤੇ ਜਾਣ ਕਾਰਨ ਹੁਣ ਤੱਕ 323 ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕਿਸਾਨ ਹਰ ਪਾਸੇ ਤੋਂ ਮਰ ਰਿਹਾ ਹੈ। ਗੰਨਾ ਕਿਸਾਨਾਂ ਨੂੰ ਨਾ ਤਾਂ ਬਕਾਇਆ ਮਿਲਿਆ ਤੇ ਨਾ ਹੀ ਫਸਲਾਂ ਦਾ ਘੱਟੋ-ਘੱਟ ਸਮਰਥਣ ਮੁੱਲ।
