ਨਗਰ ਪੰਚਾਇਤ ਚੋਣਾਂ ਨੂੰ ਲੈ ਕੇ 'ਆਪ' ਨੇ ਕੀਤੀ ਮੀਟਿੰਗ
ਦਸੰਬਰ 'ਚ ਸੰਭਾਵੀ ਤੌਰ 'ਤੇ ਪੰਜਾਬ 'ਚ ਹੋਣ ਜਾ ਰਹੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਦੀ ਲੜੀ ਅਨੁਸਾਰ ਹੀ ਤਲਵੰਡੀ ਸਾਬੋ ਸ਼ਹਿਰ ਦੀਆਂ ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਮੁੱਖ ਵਿਰੋਧੀ ਪਾਰਟੀ ਆਮ ਆਦਮੀ ਪਾਰਟੀ ਨੇ ਵੀ ਸਰਗਰਮੀਆਂ ਆਰੰਭ ਦਿੱਤੀਆਂ ਹਨ। ਇਸੇ ਤਹਿਤ 'ਆਪ' ਦੀ ਇਕ ਵਰਕਰ ਮੀਟਿੰਗ ਦਾ ਆਯੋਜਨ ਹਲਕੇ ਦੀ 'ਆਪ' ਵਿਧਾਇਕਾ ਪ੍ਰੋ. ਬਲਜਿੰਦਰ ਕੌਰ ਦੀ ਅਗਵਾਈ ਹੇਠ ਕੀਤਾ ਗਿਆ। ਮੀਟਿੰਗ ਦੌਰਾਨ ਵਿਧਾਇਕਾ ਬਲਜਿੰਦਰ ਕੌਰ ਨੇ ਸਮੁੱਚੇ ਆਗੂਆਂ ਅਤੇ ਵਰਕਰਾਂ ਨੂੰ ਵਿਧਾਨ ਸਭਾ ਚੋਣਾਂ ਵਾਂਗ ਇਕੱਠੇ ਹੋ ਕੇ ਤਲਵੰਡੀ ਸਾਬੋ ਨਗਰ ਪੰਚਾਇਤ ਚੋਣਾਂ ਲਈ ਜੁਟ ਜਾਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇ ਵਰਕਰਾਂ ਨੇ ਵਿਧਾਨ ਸਭਾ ਚੋਣਾਂ ਵਾਲਾ ਜੋਸ਼ ਦਿਖਾ ਦਿੱਤਾ ਤਾਂ ਨਗਰ ਪੰਚਾਇਤ ਦਾ ਅਗਲਾ ਪ੍ਰਧਾਨ ਆਮ ਆਦਮੀ ਪਾਰਟੀ ਦਾ ਹੋਵੇਗਾ। ਇਸ ਮੌਕੇ ਉਨ੍ਹਾਂ ਨੇ ਸ਼ਹਿਰ ਦੇ ਪ੍ਰਮੁੱਖ ਆਗੂਆਂ ਨੂੰ ਜਲਦ ਤੋਂ ਜਲਦ ਉਮੀਦਵਾਰਾਂ ਦੀ ਚੋਣ ਕਰਕੇ ਚੋਣ ਮੁਹਿੰਮ ਆਰੰਭ ਦੇਣ ਦੇ ਨਿਰਦੇਸ਼ ਵੀ ਦਿੱਤੇ। ਮੀਟਿੰਗ ਨੂੰ ਨਵੇਂ ਜੋਨ ਇੰਚਾਰਜ ਅਨਿਲ ਠਾਕੁਰ ਨੇ ਵੀ ਸੰਬੋਧਨ ਦੌਰਾਨ ਵਰਕਰਾਂ ਨੂੰ ਟੀਮ ਵਰਕ ਦੀਆਂ ਤਰ੍ਹਾਂ ਚੋਣ ਲੜਨ ਲਈ ਪ੍ਰੇਰਿਆ ਜਦੋਂਕਿ ਇਸ ਮੌਕੇ ਤਲਵੰਡੀ ਸਾਬੋ ਸ਼ਹਿਰ ਦੇ ਮੁੱਖ ਆਗੂ ਐਡਵੋਕੇਟ ਸਤਿੰਦਰ ਸਿੱਧੂ ਨੇ ਵਿਧਾਇਕਾ ਬਲਜਿੰਦਰ ਕੌਰ ਤੇ ਸਮੁੱਚੀ ਲੀਡਰਸ਼ਿਪ ਨੂੰ ਭਰੋਸਾ ਦਿਵਾਇਆ ਕਿ ਉਹ ਨਗਰ ਪੰਚਾਇਤ ਚੋਣ ਜਿੱਤ ਕੇ ਉਨਾਂ ਦੀ ਝੋਲੀ ਪਾਉਣਗੇ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਇੱਕ ਵਾਰ ਫਿਰ ਇਸ ਗੱਲ ਦਾ ਇਲਮ ਹੋ ਚੁੱਕਾ ਹੈ ਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੋਵੇਂ ਰਵਾਇਤੀ ਪਾਰਟੀਆਂ ਇੱਕ ਦੂਜੇ ਨਾਲ ਰਲੀਆਂ ਮਿਲੀਆਂ ਹਨ ਅਤੇ ਸਹੀ ਪ੍ਰਸ਼ਾਸਨਿਕ ਢਾਂਚਾ ਜੇ ਪੰਜਾਬ 'ਚ ਕੋਈ ਪਾਰਟੀ ਮੁਹੱਈਆ ਕਰਵਾ ਸਕਦੀ ਹੈ ਤਾਂ ਉਹ ਆਮ ਆਦਮੀ ਪਾਰਟੀ ਹੈ ਅਤੇ ਇਸ ਲਈ ਲੋਕ ਇਕ ਵਾਰ ਵੱਡੀ ਪੱਧਰ ਤੇ 'ਆਪ' ਨਾਲ ਜੁੜ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਾਰਟੀ ਸਮੁੱਚੇ ਸੂਬੇ ਦੀਆਂ ਸਾਰੀਆਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਆਪਣੇ ਪੱਧਰ ਅਤੇ ਲੜੇਗੀ ਅਤੇ ਇਨਾਂ ਚੋਣਾਂ 'ਚ ਵਧੀਆ ਨਤੀਜੇ ਸਾਹਮਣੇ ਲੈਕੇ ਆਵੇਗੀ। ਇਸ ਮੌਕੇ ਮੀਟਿੰਗ 'ਚ ਅਨਿਲ ਠਾਕੁਰ ਅਤੇ ਐਡਵੋਕੇਟ ਸਤਿੰਦਰਪਾਲ ਸਿੱਧੂ ਤੋਂ ਇਲਾਵਾ ਕਸ਼ਮੀਰ ਸਿੰਘ ਸੰਗਤ, ਰਾਜਵਿੰਦਰ ਕਾਕਾ, ਰੇਸ਼ਮ ਸਿੰਘ ਜਗ੍ਹਾ ਰਾਮ ਤੀਰਥ, ਗੁਰਦੀਪ ਮਾਨ ਜਗ੍ਹਾ ਰਾਮ ਤੀਰਥ, ਇੰਦਰਜੀਤ ਸਿੰਘ, ਹਰਪ੍ਰੀਤ ਸਿੰਘ ਬਲਾਕ ਪ੍ਰਧਾਨ, ਟੇਕ ਸਿੰਘ ਬੰਗੀ, ਰੇਸ਼ਮ ਸਿੰਘ, ਧਰਮਾ ਸਿੰਘ, ਸੱਤਪਾਲ ਸਿੰਘ, ਜਗਪਾਲ ਸਿੰਘ ਆਦਿ ਆਗੂ ਹਾਜ਼ਰ ਸਨ।
