Header Ads

ਕਾਂਗਰਸੀਆਂ ਦੀ ਸ਼ਹਿ 'ਤੇ ਹੋ ਰਹੀ ਸਿਆਸੀ ਦਹਿਸ਼ਤਗਰਦੀ ਬਰਦਾਸ਼ਤ ਨਹੀਂ : ਮਜੀਠੀਆ


ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਵਿਧਾਨ ਸਭਾ ਹਲਕਾ ਮਜੀਠਾ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਗੁੰਡਾਂ ਅਨਸਰਾਂ ਦੀ ਕੀਤੀ ਜਾ ਰਹੀ ਪੁਸ਼ਤਪਨਾਹੀ ਦੇ ਕਾਰਨ ਦਹਿਸ਼ਤ ਵਾਲਾ ਮਾਹੋਲ ਪੈਦਾ ਹੋ ਗਿਆ ਹੈ ਅਤੇ ਆਏ ਦਿਨ ਕਾਂਗਰਸੀ ਲੋਕਾਂ ਦੇ ਘਰਾਂ 'ਚ ਜਾ ਕੇ ਹਮਲੇ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਕੋਈ ਵੀ ਕਾਨੂੰਨ ਦਾ ਖੌਫ ਨਹੀਂ ਰਿਹਾ। ਉਹ ਅੱਜ ਹਲਕੇ ਦੇ ਪ੍ਰਭਾਵਿਤ ਤਿੰਨ ਪਰਿਵਾਰਾਂ ਨੂੰ ਪ੍ਰੈਸ ਕਾਨਫਰੰਸ 'ਚ ਪੇਸ਼ ਕਰਦਿਆਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਾਂਗਰਸੀ ਆਗੂਆਂ ਦੀ ਸ਼ਹਿ 'ਤੇ ਹੋ ਰਹੀ ਸਿਆਸੀ ਦਹਿਸ਼ਤਗਰਦੀ ਦਾ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਹੈ, ਇਨਸਾਫ ਨਾ ਮਿਲਿਆ ਤਾਂ ਮਜਬੂਰਨ ਇਨ੍ਹਾਂ ਮੁੱਦਿਆਂ ਨੂੰ ਵਿਧਾਨ ਸਭਾ ਵਿਚ ਉਠਾਇਆ ਜਾਵੇਗਾ ਅਤੇ ਸੜਕਾਂ 'ਤੇ ਮੋਰਚਾ ਲਾਉਣ ਤੋਂ ਇਲਾਵਾ ਨਿਆਂ ਲਈ ਅਦਾਲਤ ਦਾ ਦਰਵਾਜਾ ਖੜਕਾਇਆ ਜਾਵੇਗਾ। ਉਨ੍ਹਾਂ ਗੁੰਡਾਗਰਦੀ ਦੇ ਸ਼ਿਕਾਰ 3 ਵੱਖ ਵੱਖ ਪਿੰਡਾਂ ਦੇ ਪਰਿਵਾਰਕ ਮੈਂਬਰਾਂ ਨੂੰ ਪੇਸ਼ ਕਰਦਿਆਂ ਦੋਸ਼ ਲਾਇਆ ਕਿ ਲਾਲੀ ਮਜੀਠਾ ਦਾ ਪੀ ਏ ਜਸਮੀਤ ਸਿੰਘ ਰੰਧਾਵਾ ਵਾਸੀ ਪਿੰਡ ਬੱਦੋਵਾਲ ਜੋ ਕਿ ਅਣਅਧਿਕਾਰਤ ਤੌਰ 'ਤੇ ਬੀ. ਡੀ. ਓ. ਮਜੀਠਾ ਦੇ ਦਫ਼ਤਰ ਬੈਠ ਕੇ ਸਰਪੰਚਾਂ ਨੂੰ ਫੋਨ ਰਾਹੀਂ ਧਮਕੀਆਂ ਦਿੰਦਾ ਰਹਿੰਦਾ ਹੈ ਅਤੇ ਉਨ੍ਹਾਂ ਤੋਂ ਨਾਜਾਇਜ਼ ਡਰਾ ਧਮਕਾ ਕੇ ਪੈਸੇ ਦੀ ਵਸੂਲੀ ਵੀ ਕੀਤੀ ਜਾਂਦੀ ਹੈ, ਵੱਲੋਂ ਪਿੰਡ ਬੱਦੋਵਾਲ ਦੇ ਬਲਕਾਰ ਸਿੰਘ ਦੇ ਘਰ ਧੱਕੇ ਨਾਲ ਵੜ ਕੇ ਉਸ ਨਾਲ ਗਾਲ਼ੀ ਗਲੋਚ ਕੀਤੀ, ਪੱਗ ਲਾ ਦਿੱਤੀ ਗਈ ਅਤੇ ਉਸ 'ਤੇ ਗੋਲੀ ਵੀ ਚਲਾਈ ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਿਸ ਬਾਰੇ ਦਬਾਅ ਪਾਉਣ 'ਤੇ 307 ਦਾ ਪਰਚਾ ਤਾਂ ਦਰਜ ਹੋ ਗਿਆ ਪਰ ਸਿਤਮ ਦੀ ਗਲ ਇਹ ਹੈ ਕਿ ਇਹ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਰਹੀ ਸਗੋਂ ਉਸ ਨੂੰ ਪੁਲੀਸ ਸੁਰੱਖਿਆ ਦਿੱਤੀ ਹੋਈ ਹੈ ਅਤੇ ਮੁਲਜ਼ਮ ਖੁਲੇਆਮ ਜਨਤਕ ਤੌਰ 'ਤੇ ਵਿਕਾਸ ਕਾਰਜਾਂ ਦਾ ਉਦਘਾਟਨ ਸਮਾਰੋਹ 'ਚ ਹਿੱਸਾ ਲੈ ਰਿਹਾ ਹੈ, ਜਿਸ ਬਾਰੇ ਅਖ਼ਬਾਰੀ ਰਿਪੋਰਟ ਗਵਾਹ ਹਨ। ਦੂਜੇ ਕੇਸ ਵਿਚ ਉਨ੍ਹਾਂ ਥਾਣਾ ਕੱਥੂਨੰਗਲ ਦੇ ਪਿੰਡ ਰਾਮਦਿਵਾਲੀ ਹਿੰਦੂਆਂ 'ਚ ਲਾਲੀ ਦੇ ਨਜਦੀਕੀ ਜਗਰੂਪ ਸਿੰਘ ਦੀ ਗਲ ਦਸੀ ਜੋ ਪਿਛਲੇ ਕੁੱਝ ਦਿਨ ਪਹਿਲਾਂ ਹੀ ਕਾਂਗਰਸ ਵਿਚ ਸ਼ਾਮਿਲ ਹੋਇਆ ਸੀ ਵੱਲੋਂ ਮੁਖਤਿਆਰ ਸਿੰਘ ਅਤੇ ਉਸ ਦੇ ਲੜਕੇ ਜਸਪਿੰਦਰ ਸਿੰਘ 'ਤੇ ਗਲੀਆਂ ਚਲਾ ਦਿੱਤਿਆਂ ਜਿਸ ਨਾਲ ਉਹ ਜ਼ਖਮੀ ਹੋ ਗਏ। ਮੁਖਤਿਆਰ ਸਿੰਘ ਦੀ ਪਤਨੀ ਹਰਮੀਤ ਕੌਰ ਅਤੇ ਮਾਤਾ ਲਖਬੀਰ ਕੌਰ ਨੇ ਦੱਸਿਆ ਕਿ ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਹੋਣ ਦੇ ਬਾਵਜੂਦ ਉਹ ਸ਼ਰੇਆਮ ਫਿਰ ਰਹੇ ਹਨ ਅਤੇ ਪੁਲਸ ਕੋਈ ਕਾਰਵਾਈ ਨਹੀਂ ਕਰ ਰਹੀ ਜਿਸ ਕਾਰਨ ਉਹਨਾਂ ਦੇ ਜਾਨ ਮਾਲ ਨੂੰ ਖਤਰਾ ਬਣਿਆ ਹੋਇਆ ਹੈ। ਇਸੇ ਤਰ੍ਹਾਂ ਤੀਜੇ ਕੇਸ ਵਿਚ ਉਨ੍ਹਾਂ ਮਜੀਠਾ ਦੇ ਵਸੀਕਾ ਨਵੀਸ ਰਮੇਸ਼ ਕੁਮਾਰ ਸੋਢੀ ਅਤੇ ਉਸ ਦੀ ਪਤਨੀ ਪ੍ਰੀਆ ਸੋਢੀ ਨੂੰ ਪੇਸ਼ ਕਰਦਿਆਂ ਅਤੇ ਲਾਲੀ ਦੇ ਨਜਦੀਕੀ ਜੈਂਤੀਪੁਰ ਵਾਸੀ ਪ੍ਰਾਣਨਾਥ ਗੋਨੀ ਅਤੇ ਕੁੱਝ ਹੋਰਨਾਂ ਵੱਲੋਂ ਉਸ ਦੇ ਦਫ਼ਤਰ ਵਿਚ ਜਬਰੀ ਦਾਖਲ ਹੋਣ ਅਤੇ ਹਥਿਆਰ ਦਿਖਾ ਕੇ ਡਰਾਉਣ ਧਮਕਾਉਣ ਵਾਲੀ ਵੀਡੀਉ ਦਿਖਾਉਂਦਿਆਂ ਦੱਸਿਆ ਕਿ ਇਨ੍ਹਾਂ ਵੱਲੋਂ ਕੁੱਝ ਦਿਨ ਪਹਿਲਾਂ ਹੀ ਸੋਢੀ ਨੂੰ ਉਠਾ ਲਿਆ ਗਿਆ ਅਤੇ ਲਾਲੀ ਮਜੀਠਾ ਦੇ ਦਫ਼ਤਰ ਲਿਜਾ ਕੇ ਨਾ ਕੇਵਲ ਕੁੱਟ ਮਾਰ ਕੀਤੀ ਸਗੋਂ ਇੱਕ ਲਖ ਰੁਪਏ ਵੀ ਖੋਹ ਲਏ ਗਏ। ਉਨ੍ਹਾਂ ਦੇ ਜਾਨ ਮਾਲ ਨੂੰ ਖਤਰਾ ਹੈ। ਲਾਲੀ ਮਜੀਠੀਆ ਨੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਅਤੇ ਹਲਕਾ ਮਜੀਠਾ ਦੇ ਇੰਚਾਰਜ਼ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਸਾਬਕਾ ਅਕਾਲੀ ਮੰਤਰੀ ਵੱਲੋਂ ਉਨ੍ਹਾਂ 'ਤੇ ਲਾਏ ਜਾ ਰਹੇ ਸਾਰੇ ਦੋਸ਼ ਬੇਬੁਨਿਆਦ ਹਨ। ਉਨ੍ਹਾਂ ਨੇ ਕਿਹਾ ਕਿ ਤਿੰਨਾਂ ਕੇਸਾਂ ਦੇ ਨਾਲ ਉਨ੍ਹਾਂ ਦਾ ਦੂਰ ਦਾ ਵੀ ਵਾਸਤਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਜੇ ਕਿਸੇ ਇਕ ਵੀ ਮਾਮਲੇ 'ਚ ਉਨ੍ਹਾਂ ਦੀ ਕੋਈ ਭੂਮਿਕਾ ਕਿਤੇ ਵੀ ਨਿਕਲ ਆਵੇ ਤਾਂ ਉਹ ਦੇਣਦਾਰ ਹੋਣਗੇ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਫਤਹਿਗੜ੍ਹ ਚੂੜੀਆ ਦੇ ਮਾਮਲੇ ਨੂੰ ਬਦੋਬਦੀ ਵਿਧਾਨ ਸਭਾ ਹਲਕਾ ਮਜੀਠਾ ਦੇ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਸ ਮਾਮਲੇ ਬਾਰੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਹੀ ਜਿਆਦਾ ਦਸ ਸਕਦੇ ਹਨ। ਉਨ੍ਹਾਂ ਨੇ ਮੰਨਿਆ ਕਿ ਜਸਮੀਤ ਸਿੰਘ ਰੰਧਾਵਾ, ਉਨ੍ਹਾਂ ਦੇ ਰਿਸਤੇਦਾਰ ਹਨ ਪਰ ਕਾਨੂੰਨ ਆਪਣਾ ਰਾਹ ਅਖਤਿਆਰ ਕਰ ਰਿਹਾ ਹੈ। ਇਸ ਵਿਚ ਬਿਕਰਮ ਸਿੰਘ ਮਜੀਠੀਆ ਨੂੰ ਜਿਆਦਾ ਚਿੰਤਾ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਬਿਕਰਮ ਸਿੰਘ ਮਜੀਠੀਆ ਨੂੰ ਚੁਣੋਤੀ ਵੀ ਦਿੱਤੀ ਕਿ ਜੇ ਉਹ ਆਪਣੇ ਆਪ ਨੂੰ ਬਹੁਤ ਹੀ ਮਕਬੂਲ ਅਤੇ ਇਨਸਾਫ ਪਸੰਦ ਸਮਝਦੇ ਹਨ ਤਾਂ ਉਹ ਇਕ ਵਾਰ ਫਿਰ ਚੋਣ ਲੜ੍ਹ ਕੇ ਵੇਖ ਰਹਿਣ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਉਹ ਸਿਰਫ ਸੱਤਾ ਦੀ ਬਦੋਲਤ ਹੀ ਜਿੱਤਦੇ ਰਹੇ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਦਾ ਆਪਣੀ ਪਾਰਟੀ ਦੇ ਵਿਚ ਵੀ ਕੋਈ ਵਿਕਾਰ ਨਹੀਂ ਰਿਹਾ, ਹੁਣ ਉਸ ਦੀ ਸਥਿਤੀ ਪਾਰਟੀ ਵਿਚ 30ਵੇਂ ਸਥਾਨ 'ਤੇ ਪਹੁੰਚ ਗਈ ਹੈ।
Powered by Blogger.