Header Ads

ਪਿੰਡ ਅਲੀਸ਼ੇਰ 'ਚ ਛਾਇਆ ਮਾਤਮ, ਇਕੱਠੀਆਂ ਬਲੀਆਂ ਇਕੋ ਪਰਿਵਾਰ ਦੇ ਚਾਰ ਜੀਆਂ ਦੀਆਂ ਚਿਤਾਵਾਂ

ਭੀਖੀ (ਤਾਇਲ) : ਨੇੜਲੇ ਪਿੰਡ ਅਲੀਸ਼ੇਰ ਖੁਰਦ ਵਿਖੇ ਅੱਜ ਉਸ ਸਮੇਂ ਮਾਤਮ ਛਾ ਗਿਆ ਜਦੋਂ ਇਕ ਸੜਕ ਹਾਦਸੇ ਵਿਚ ਮਾਰੇ ਇਕ ਹੀ ਪਰਿਵਾਰ ਦੇ ਚਾਰ ਜੀਆਂ ਦੀਆਂ ਲਾਸ਼ਾਂ ਪਿੰਡ ਵਿਖੇ ਪੁੱਜੀਆਂ। ਜਿਨ੍ਹਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਵਿਖੇ ਸਮੂਹਿਕ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਪੁੱਜੇ ਹਰ ਵਿਅਕਤੀ ਦੀ ਅੱਖ ਨਮ ਸੀ। ਗਰੀਬ ਪਰਿਵਾਰ ਨਾਲ ਸਬੰਧਤ ਉਕਤ ਮ੍ਰਿਤਕ ਸੰਗਰੂਰ ਵਿਖੇ ਆਪਣੀ ਰਿਸ਼ਤੇਦਾਰੀ ਵਿਚ ਇਕ ਸਮਾਗਮ ਵਿਚ ਹਿੱਸਾ ਲੈਣ ਲਈ ਪਿੰਡ ਅਲੀਸ਼ੇਰ ਤੋਂ ਚੱਲੇ ਹੀ ਸਨ ਕਿ ਕੁਝ ਦੂਰੀ 'ਤੇ ਹੋਣੀ ਨੇ ਇਨ੍ਹਾਂ ਨੂੰ ਘੇਰ ਲਿਆ। ਧਨੌਲਾ ਵਾਲੇ ਪਾਸਿਓਂ ਇਕ ਵਿਆਹ ਸਮਾਗਮ ਵਿਚੋਂ ਪਰਤ ਰਹੇ ਸਕਾਰਪੀਓ ਸਵਾਰ ਕਾਰ ਚਾਲਕ ਆਪਣਾ ਸੰਤੁਲਨ ਗਵਾ ਬੈਠਾ ਅਤੇ ਮਾਨਸਾ ਬਰਨਾਲਾ ਦੀ ਹੱਦ 'ਤੇ ਉਕਤ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਮੋਟਰਸਾਈਕਲ ਸਵਾਰ ਉਕਤ ਲੋਕਾਂ ਨੂੰ ਆਪਣੀ ਚਪੇਟ ਵਿਚ ਲੈ ਲਿਆ ਜਿਨ੍ਹਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ।
ਸਹੁਰੇ ਘਰ ਰਹਿੰਦਾ ਸੀ ਮ੍ਰਿਤਕ
ਇਸ ਹਾਦਸੇ ਦੇ ਮ੍ਰਿਤਕ ਪਰਿਵਾਰ ਦਾ ਮੁਖੀ ਗੁਰਤੇਜ ਸਿੰਘ ਕਾਫੀ ਸਮੇਂ ਤੋਂ ਪਿੰਡ ਅਲੀਸ਼ੇਰ ਖੁਰਦ ਵਿਖੇ ਆਪਣੇ ਸਹੁਰੇ ਘਰ ਰਹਿ ਰਿਹਾ ਸੀ ਕਿਉਂਕਿ ਉਸਦੇ ਸਹੁਰੇ ਪਰਿਵਾਰ ਵਿੱਚ ਕੋਈ ਲੜਕਾ ਨਹੀਂ ਸੀ।
ਮ੍ਰਿਤਕ ਲੜਕੀਆਂ ਵੀ ਲਈਆਂ ਸਨ ਗੋਦ
ਇਸ ਹਾਦਸੇ ਵਿਚ ਮਾਰੀਆਂ ਗਈਆਂ ਮਾਸੂਮ ਲੜਕੀਆਂ ਵੀਰਪਾਲ ਕੌਰ ਅਤੇ ਕਿਰਨਜੀਤ ਕੌਰ ਵੀ ਗੁਰਤੇਜ ਸਿੰਘ ਨੇ ਆਪਣੀਆਂ ਸਾਲੀਆਂ ਤੋਂ  ਗੋਦ ਲਈਆਂ ਸਨ ਕਿਉਂਕਿ ਮ੍ਰਿਤਕ ਗੁਰਤੇਜ ਸਿੰਘ ਅਤੇ ਉਸਦੀ ਮ੍ਰਿਤਕ ਪਤਨੀ ਕੁਲਵੰਤ ਕੌਰ ਦੇ ਘਰ ਕੋਈ ਔਲਾਦ ਨਹੀਂ ਸੀ।
ਸਕਾਰਪੀਓ ਸਵਾਰ ਵੀ ਹੋਏ ਜ਼ਖਮੀ
ਉਧਰ ਸਕਾਰਪੀਓ ਗੱਡੀ ਵਿਚ ਸਵਾਰ 5 ਲੋਕ ਵੀ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਕਾਰ ਚਾਲਕ ਲਾਲ ਸਿੰਘ ਵਾਸੀ ਗੰਢੂ ਖੁਰਦ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸਨੂੰ ਪੀ. ਜੀ. ਆਈ. ਚੰਡੀਗੜ੍ਹ ਭੇਜ ਦਿੱਤਾ ਹੈ ਜਦਕਿ ਬਾਕੀ ਜ਼ਖਮੀਆਂ ਨੂੰ ਵੱਖ-ਵੱਖ ਸ਼ਹਿਰਾਂ ਦੇ ਹਸਪਤਾਲਾਂ ਵਿਚ ਰੈਫਰ ਕੀਤਾ ਹੈ।  

Powered by Blogger.