Header Ads

ਵਿਆਹ 'ਚ ਆਏ ਸਰਪੰਚ ਨੇ ਚਲਾਈਆਂ ਅੰਨ੍ਹੇਵਾਹ ਗੋਲੀਆਂ

ਮੋਗਾ  : ਪਿੰਡ ਤੋਤਾ ਸਿੰਘ ਵਾਲਾ ਦੇ ਸਰਪੰਚ ਗੁਰਪ੍ਰਤਾਪ ਸਿੰਘ ਵੱਲੋਂ ਪਿੰਡ ਦੇ ਇਕ ਵਿਆਹ ਸਮਾਗਮ ਵਿਚ ਆਪਣੇ ਰਿਵਾਲਵਰ ਨਾਲ ਅੰਨ੍ਹੇਵਾਹ ਫਾਈਰਿੰਗ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਦੇ ਪੰਚ ਦੇ ਭਰਾ ਨੇ ਸਰਪੰਚ 'ਤੇ ਜਾਨਲੇਵਾ ਹਮਲਾ ਕਰਨ ਦਾ ਦੋਸ਼  ਲਗਾਇਆ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਿੰਡ ਤੋਤਾ ਸਿੰਘ ਵਾਲਾ ਨਿਵਾਸੀ ਅਮਰਦੀਪ ਸਿੰਘ ਪੁੱਤਰ ਰਜਿੰਦਰ ਸਿੰਘ ਨੇ ਕਿਹਾ ਕਿ ਉਸਦਾ ਭਰਾ ਸੁਖਜੀਤ ਸਿੰਘ ਮੈਂਬਰ ਪੰਚਾਇਤ ਹੈ। ਜਿਸ ਕਾਰਨ ਪੰਚਾਇਤ ਵੱਲੋਂ ਪਿੰਡ ਵਿਚ ਕਰਵਾਏ ਜਾ ਰਹੇ ਵਿਕਾਸ ਕੰਮਾਂ 'ਤੇ ਹੋਰਨਾਂ ਪਿੰਡ ਵਾਸੀਆਂ ਨਾਲ ਮਿਲ ਕੇ ਤਿੱਖੀ ਨਜ਼ਰ ਰੱਖਦੇ ਹਨ। ਜਿਸ ਕਾਰਨ ਸਰਪੰਚ ਸਾਡੇ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ। ਉਸਨੇ ਕਿਹਾ ਕਿ ਉਹ ਬੀਤੀ ਰਾਤ ਗੁਰਵਿੰਦਰ ਸਿੰਘ ਪੁੱਤਰ ਡੋਗਰ ਸਿੰਘ ਦੇ ਵਿਆਹ ਦੇ ਸਮਾਗਮ ਵਿਚ ਸ਼ਾਮਲ ਹੋਣ ਲਈ ਗਿਆ ਸੀ, ਜਿਥੇ ਡੀ.ਜੇ. ਚੱਲ ਰਿਹਾ ਸੀ ਅਤੇ ਲੋਕ ਨੱਚ ਰਹੇ ਸਨ। ਇਸ ਦੌਰਾਨ ਸਰਪੰਚ ਗੁਰਪ੍ਰਤਾਪ ਸਿੰਘ ਸਮਾਗਮ ਵਿਚ ਆਇਆ ਤੇ ਉਹ ਮੈਨੂੰ ਵੇਖਦਿਆਂ ਹੀ ਲਲਕਾਰੇ ਮਾਰਨ ਲੱਗ ਪਿਆ। ਉਸਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਹਵਾਈ ਫਾਇਰ ਕਰਨੇ ਸ਼ੁਰੂ ਕਰ ਦਿਤੇ ਅਤੇ ਮਾਰ ਦੇਣ ਦੀ ਨੀਅਤ ਨਾਲ ਮੇਰੇ ਵੱਲ ਸਿੱਧਾ ਫਾਇਰ ਕੀਤਾ, ਪ੍ਰੰਤੂ ਮੈਂ ਵਾਲ-ਵਾਲ ਬੱਚ ਗਿਆ। ਗੋਲੀ ਚੱਲਣ 'ਤੇ ਸਮਾਗਮ ਵਿਚ ਭਾਜੜ ਪੈ ਗਈ ਅਤੇ ਰੌਲਾ ਪਾਉਣ 'ਤੇ ਸਰਪੰਚ ਗਾਲੀ-ਗਲੋਚ ਕਰਦਾ ਹੋਇਆ ਉੱਥੋਂ ਚਲਾ ਗਿਆ। ਜਿਸ 'ਤੇ ਅਸੀਂ ਇਸਦੀ ਸੂਚਨਾ ਪੁਲਸ ਨੂੰ ਦਿਤੀ।
ਸਰਪੰਚ ਖਿਲਾਫ ਘਪਲੇ ਦੀਆ ਕੀਤੀਆ ਸ਼ਿਕਾਇਤਾਂ
ਅਮਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਸਰਪੰਚ ਗੁਰਪ੍ਰਤਾਪ ਸਿੰਘ ਖਿਲਾਫ ਸਕੂਲ ਢਾਹ ਕੇ ਉਸਦਾ ਮਲਵਾ ਖੁਰਦ-ਬੁਰਦ ਕਰਨ ਅਤੇ ਪੰਚਾਇਤੀ ਜ਼ਮੀਨ ਦੀ ਬੋਲੀ ਸਮੇਂ ਕੀਤੇ ਘਪਲਿਆਂ 'ਤੇ ਪਿੰਡ ਦੇ ਹੋਰ ਵਿਕਾਸ ਕੰਮਾਂ ਦੇ ਘਪਲਿਆਂ ਸਬੰਧੀ ਡਿਪਟੀ ਕਮਿਸ਼ਨਰ ਮੋਗਾ ਤੋਂ ਇਲਾਵਾ ਪੰਚਾਇਤੀ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਹੋਈ ਹੈ। ਜਿਸਦੀ ਜਾਂਚ ਬਲਾਕ ਵਿਕਾਸ ਅਧਿਕਾਰੀ ਕੋਟ ਈਸੇ ਖਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆ ਵੱਲੋਂ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆ ਇਕ ਹਫਤਾ ਪਹਿਲਾਂ ਹੀ ਸਰਪੰਚ ਨੂੰ ਹਟਾ ਕੇ ਪ੍ਰਬੰਧਕ ਲਗਾ ਦਿਤਾ ਸੀ, ਜਿਸ ਕਾਰਨ ਸਰਪੰਚ ਸਾਡੇ ਨਾਲ ਰੰਜਿਸ਼ ਰੱਖਦਾ ਆ ਰਿਹਾ ਹੈ ਅਤੇ ਇਸ ਰੰਜਿਸ਼ ਕਾਰਨ ਉਸਨੇ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ।
ਕੀ ਹੋਈ ਪੁਲਸ ਕਾਰਵਾਈ
ਥਾਣਾ ਧਰਮਕੋਟ ਦੇ ਪੁਲਸ ਅਧਿਕਾਰੀ ਨੇ ਮੌਕੇ 'ਤੇ ਪੁੱਜ ਕੇ ਲੋਕਾਂ ਤੋਂ ਪੁੱਛਗਿੱਛ ਤੋਂ ਬਾਅਦ ਗੁਰਪ੍ਰਤਾਪ ਸਿੰਘ ਸਰਪੰਚ ਖਿਲਾਫ ਜਾਨਲੇਵਾ ਹਮਲਾ ਕਰਨ ਅਤੇ ਅਸਲਾ ਐਕਟ ਦੇ ਦੋਸ਼ਾਂ ਤਹਿਤ ਅਮਰਦੀਪ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ। ਉਹ ਮਾਮਲੇ ਦੀ ਜਾਂਚ ਕਰਕੇ ਸੱਚਾਈ ਜਾਨਣ ਦਾ ਯਤਨ ਕਰ ਰਹੇ ਹਨ।
Powered by Blogger.